ਅੱਠ ਮਹੀਨਿਆਂ ਵਿੱਚ ਰਾਹੁਲ ਗਾਂਧੀ ਦੀ ਮਾਲਵੇ ਵਿੱਚ ਦੂਜੀ ਰੈਲੀ, ਨਸ਼ਾ ਅਤੇ ਗੈਂਗਸਟਰਵਾਦ ਦੇ ਮੁੱਦਿਆਂ ’ਤੇ ‘ਆਪ’ ਸਰਕਾਰ ਨੂੰ ਘੇਰਨ ਦੀ ਰਣਨੀਤੀ
ਨਵਾਸ਼ਹਿਰ 5 ਨਵੰਬਰ (ਮਨੋਰੰਜਨ ਕਾਲੀਆ)- ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਮਾਲਵਾ ਖੇਤਰ ਵਿੱਚ ਆਪਣੀ ਗੁਆਚੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਕਾਂਗਰਸ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਰਣਨੀਤੀ ਤਹਿਤ ਪਿਛਲੇ ਅੱਠ ਮਹੀਨਿਆਂ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਮਾਲਵਾ ਖੇਤਰ ਵਿੱਚ ਦੂਜੀ ਵਾਰ ਰੈਲੀ ਕਰਕੇ ਸਿਆਸੀ ਮਾਹੌਲ ਗਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਬਰਨਾਲਾ ਤੋਂ ਬਾਅਦ ਬੁੱਧਵਾਰ ਨੂੰ ਸੰਗਰੂਰ ਵਿੱਚ ਹੋਈ ਰੈਲੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਦੋਵਾਂ ਰੈਲੀਆਂ ਦੇ ਮੁੱਦਿਆਂ ਵਿੱਚ ਵੀ ਸਿਆਸੀ ਰਣਨੀਤੀ ਦਾ ਬਦਲਾਅ ਸਾਫ਼ ਨਜ਼ਰ ਆਉਂਦਾ ਹੈ। ਬਰਨਾਲਾ ਰੈਲੀ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਮੁੱਖ ਤੌਰ ’ਤੇ ਉਠਾਏ ਗਏ ਸਨ, ਜਦਕਿ ਸੰਗਰੂਰ ਰੈਲੀ ਵਿੱਚ ਰਾਹੁਲ ਗਾਂਧੀ ਨੇ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਹੁਣ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਵਧਦੇ ਪ੍ਰਭਾਵ ਨੂੰ ਆਪਣਾ ਵੱਡਾ ਸਿਆਸੀ ਹਥਿਆਰ ਬਣਾਉਣਾ ਚਾਹੁੰਦੀ ਹੈ।
ਰਾਹੁਲ ਗਾਂਧੀ ਨੇ ਰੈਲੀ ਦੌਰਾਨ ਕਿਸਾਨਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਦੱਸਦਿਆਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਕਾਰਨ ਹੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਇਸ ਤਰ੍ਹਾਂ ਕਾਂਗਰਸ ਨੇ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਵੀ ਆਪਣੇ ਸਿਆਸੀ ਏਜੰਡੇ ਵਿੱਚ ਸ਼ਾਮਲ ਕਰ ਲਿਆ ਹੈ।
ਸਿਆਸੀ ਤੌਰ ’ਤੇ ਦੇਖਿਆ ਜਾਵੇ ਤਾਂ ਕਾਂਗਰਸ ਵੱਲੋਂ ਲਗਾਤਾਰ ਮਾਲਵਾ ਖੇਤਰ ਨੂੰ ਹੀ ਰੈਲੀਆਂ ਲਈ ਚੁਣਨਾ ਕੋਈ ਇਤਫ਼ਾਕ ਨਹੀਂ ਹੈ। ਪੰਜਾਬ ਦਾ ਸਭ ਤੋਂ ਵੱਡਾ ਮਾਲਵਾ ਖੇਤਰ 15 ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇ ਵਿਧਾਨ ਸਭਾ ਦੀਆਂ 69 ਸੀਟਾਂ ਹਨ। ਸੂਬੇ ਦੀ ਸਿਆਸਤ ਵਿੱਚ ਇਸ ਖੇਤਰ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਲਵੇ ਵਿੱਚ ਬਣਨ ਵਾਲੀ ਸਿਆਸੀ ਲਹਿਰ ਦਾ ਅਸਰ ਅਕਸਰ ਪੂਰੇ ਪੰਜਾਬ ਦੇ ਚੋਣ ਨਤੀਜਿਆਂ ’ਤੇ ਪੈਂਦਾ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਾਲਵਾ ਖੇਤਰ ਵਿੱਚ ਸਭ ਤੋਂ ਵੱਡਾ ਸਿਆਸੀ ਝਟਕਾ ਲੱਗਿਆ ਸੀ। 69 ਸੀਟਾਂ ਵਾਲੇ ਇਸ ਖੇਤਰ ਵਿੱਚੋਂ ਪਾਰਟੀ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ ਸੀ। ਇਨ੍ਹਾਂ ਵਿੱਚੋਂ ਵੀ ਇੱਕ ਸੀਟ ਬਾਅਦ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਹੱਥੋਂ ਨਿਕਲ ਗਈ। ਇਸ ਮਾੜੇ ਪ੍ਰਦਰਸ਼ਨ ਪਿੱਛੇ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਨੂੰ ਵੀ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਮਾਲਵਾ ਖੇਤਰ ਨਾਲ ਸਬੰਧਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਵੀ ਪਾਰਟੀ ਲਈ ਵੱਡਾ ਸਿਆਸੀ ਨੁਕਸਾਨ ਸਾਬਤ ਹੋਇਆ। ਇਸ ਤੋਂ ਇਲਾਵਾ ਪਾਰਟੀ ਅੰਦਰਲੇ ਆਪਸੀ ਮਤਭੇਦਾਂ ਨੇ ਵੀ ਇਸ ਖੇਤਰ ਵਿੱਚ ਕਾਂਗਰਸ ਦੀ ਪਕੜ ਕਮਜ਼ੋਰ ਕੀਤੀ।
ਕਾਂਗਰਸ ਦੇ ਸੀਨੀਅਰ ਆਗੂ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਮਾਲਵਾ ਖੇਤਰ ਵਿੱਚ ਪਾਰਟੀ ਦੀ ਮਜ਼ਬੂਤੀ ਤੋਂ ਬਿਨਾਂ ਪੰਜਾਬ ਦੀ ਸੱਤਾ ਤੱਕ ਪਹੁੰਚਣਾ ਆਸਾਨ ਨਹੀਂ ਹੋਵੇਗਾ। ਖਾਸ ਗੱਲ ਇਹ ਵੀ ਹੈ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਇੱਥੇ ਰੈਲੀ ਕਰਕੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਣਾ ਵੀ ਕਾਫ਼ੀ ਅਹਿਮ ਸਿਆਸੀ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
ਕੁੱਲ ਮਿਲਾ ਕੇ ਕਾਂਗਰਸ ਦੀਆਂ ਮਾਲਵਾ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਰੈਲੀਆਂ ਤੋਂ ਸਪੱਸ਼ਟ ਹੈ ਕਿ ਪਾਰਟੀ 2022 ਦੀ ਹਾਰ ਤੋਂ ਸਬਕ ਲੈਂਦਿਆਂ ਆਪਣੀ ਸਿਆਸੀ ਜ਼ਮੀਨ ਮੁੜ ਤਿਆਰ ਕਰਨ ਵਿੱਚ ਜੁੱਟ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਸ਼ਿਆਂ, ਗੈਂਗਸਟਰਵਾਦ, ਕਿਸਾਨੀ ਅਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਇਹ ਸਿਆਸੀ ਮੁਹਿੰਮ ਕਾਂਗਰਸ ਨੂੰ ਮਾਲਵੇ ਵਿੱਚ ਕਿੰਨਾ ਕੁ ਸਿਆਸੀ ਲਾਭ ਦਿਵਾ ਸਕਦੀ ਹੈ।









